ਗੁਰੂ ਹਰਿਰਾਇ ਸਾਹਿਬ ਜੀ

ਸ੍ਰੀ ਗੁਰੂ ਹਰਿਰਾਏ ਜੀ ਸਿੱਖਾਂ ਦੇ ਸਤਵੇਂ ਗੁਰੂ ਹੋਏ ਹਨ ।
 ਗੁਰੂ ਹਰਿਰਾਇ ਸਾਹਿਬ ਜੀ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ 16 ਜਨਵਰੀ 1630 ਈ. ਨੂੰ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਸਨ।
 ਆਪ ਜੀ ਨੇ ਗਰੀਬਾ ,ਲੋੜਵੰਦਾ ਤੇ ਰੋਗੀਆਂ ਦੀ ਦੇਖਭਾਲ ਸੇਵਾ ਅਤੇ ਇਲਾਜ ਵੱਲ ਖਾਸ ਧਿਆਨ ਦਿੱਤਾ ।
 ਗਿਆਨੀ ਗਿਆਨ ਸਿੰਘ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਦੋ ਸਾਲ ਪਹਿਲੇ 1642 ਈ: ਸ੍ਰੀ ਗੁਰੂ ਹਰਿਰਾਇ ਸਾਹਿਬ ਨੂੰ ਗੁਰਗੱਦੀ ਉੱਤੇ ਬਿਰਾਜਮਾਨ ਕਰ ਦਿੱਤਾ ਸੀ।
 ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਬਚਪਨ ਤੋਂ ਹੀ ਸੰਤ-ਸੁਭਾਅ ਅਤੇ ਪਰਮੇਸ਼ਰ ਦੀ ਭਜਨਬੰਦਗੀ ਵਿਚ ਲੱਗੇ ਰਹਿਣ ਵਾਲੇ ਸਤਿ-ਸੰਤੋਖ ਦੀ ਮੂਰਤ ਸਨ। ਉਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਅਤੇ ਸਦਾ ਉਨ੍ਹਾਂ ਦੀ ਹਜੂਰੀ ਵਿਚ ਰਹਿੰਦੇ ਸਨ।
      ਗੁਰੂ ਜੀ ਬਹੁਤ ਕੋਮਲ ਸੁਭਾਅ ਅਤੇ ਸ਼ਾਂਤ ਰਹਿਣ ਵਾਲੇ ਸਨ। 1644 ਈ: ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਪਿੱਛੋਂ ਗੁਰਗੱ ਦੀ ਦੀ ਪੂਰੀ ਜ਼ਿੰਮੇਵਾਰੀ ਆਪ ਨੇ ਸੰਭਾਲੀ। ਗੁਰੂ ਜੀ ਦੇ ਨਾਲ ਉੱਚ-ਕੋਟੀ ਦੇ 2200 ਸਿੰਘ ਸੂਰਮੇ ਜਵਾਨਾਂ ਦੀ ਇੱਕ ਫੌਜੀ ਟੁਕੜੀ ਨਾਲ ਰਹਿੰਦੀ ਸੀ ਜੋ ਸਿੱਖ ਪੰਥ ਦਾ ਜੁਝਾਰੂ ਰੂਪ ਉਜਾਗਰ ਕਰਦੀ ਸੀ । ਇੱਥੇ ਇਹ ਵੀ ਵਰਣਨਯੋਗ ਹੈ ਕਿ ਕਿਸੇ ਵੀ ਗੁਰੂ ਸਾਹਿਬ ਨੇ ਕਿਸੇ ਉੱਤੇ ਪਹਿਲਾਂ ਹਮਲਾ ਨਹੀਂ ਕੀਤਾ। ਹਾਂ! ਹਮਲਾਵਰ ਦਾ ਮੂੰਹ ਜ਼ਰੂਰ ਮੋੜਿਆ ਅਤੇ ਉਸ ਨੂੰ ਧੂਲ ਚਟਾ ਦਿੱਤੀ। ਆਪ ਜੀ ਦਾ ਬਹੁਤ ਸਮਾਂ ਪਰਮੇਸ਼ਰ ਦੀ ਭਗਤੀ ਵਿਚ ਹੀ ਬਤੀਤ ਹੁੰਦਾ। ਗੁਰੂ ਜੀ ਦਿਆਲੂ ਵੀ ਬਹੁਤ ਸਨ। ਕਿਸੇ ਸਵਾਲੀ ਜਾਂ ਸ਼ਰਨ ਆਏ ਨੂੰ ਕਦੇ ਜਵਾਬ ਨਹੀਂ ਸਨ ਦਿੰਦੇ । ਗੁਰੂ ਜੀ ਦੇ ਖਜ਼ਾਨੇ ਵਿੱਚ ਬਹੁਤ ਦੁਰਲੱਭ ਅਤੇ ਕੀਮਤੀ ਚੀਜ਼ਾਂ ਜਮ੍ਹਾਂ ਹੋ ਗਈਆਂ ਸਨ। ਸਂਗਤਾਂ ਵੱਲੋਂ ਭੇਟ ਕੀਤੇ ਕੀਮਤੀ ਪਦਾਰਥ ਵਿਸ਼ੇਸ਼ ਤੌਰ ’ਤੇ ਸੰਭਾਲੇ ਜਾਂਦੇ ਸਨ ਕਿਉਂਕਿ ਇਨ੍ਹਾਂ ਨਾਲ ਕਿਸੇ ਦੀ ਵੀ ਸਹਾਇਤਾ ਕੀਤੀ ਜਾ ਸਕਦੀ ਸੀ। ਇਕ ਵਾਰ ਬਾਦਸ਼ਾਹ ਸ਼ਾਹ ਜਹਾਨ ਦਾ ਬੇਟਾ ਦਾਰਾ ਸ਼ਿਕੋਹ ਬਹੁਤ ਬਿਮਾਰ ਹੋ ਗਿਆ। ਹਕੀਮਾਂ ਨੇ ਦੱਸਿਆ ਕਿ ਇਹਦੇ ਰਾਜ਼ੀ ਕਰਨ ਲਈ ਦਸ ਤੋਲੇ ਦੀ ਹਰੜ ਅਤੇ ਮਾਸੇ ਦਾ ਲੌਂਗ ਚਾਹੀਦੇ ਹਨ। ਇਹ ਚੀਜ਼ਾਂ ਕਿਤੋਂ ਨਾ ਲੱਭੀਆਂ ਤਾਂ ਪੀਰ ਹਸਨ ਅਲੀ ਅਤੇ ਸ਼ੇਖ ਅਲੀ ਗੰਗੋਹੀ ਨੇ ਦੱਸਿਆ ਕਿ ਇਹ ਦੁਰਲੱਭ ਚੀਜ਼ਾਂ ਉਨ੍ਹਾਂ ਨੇ ਗੁਰੂ ਹਰਿ ਰਾਇ ਸਾਹਿਬ ਦੇ ਦਵਾਖਾਨੇ ਵਿੱਚ ਵੇਖੀਆਂ ਹਨ। ਸ਼ਾਹ ਜਹਾਨ ਨੇ ਆਕਲ ਖਾਂ ਅਤੇ ਗੁਲਬੇਲ ਖਾਂ ਨੂੰ ਗੁਰੂ ਜੀ ਪਾਸੋਂ ਇਹ ਅਮੋਲਕ ਬੂਟੀਆਂ ਲੈਣ ਲਈ ਭੇਜਿਆ। ਉਨ੍ਹਾਂ ਨੇ ਗੁਰੂ ਜੀ ਨੂੰ ਆ ਕੇ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਇਹ ਦੋਵੇਂ ਚੀਜ਼ਾਂ ਦੇ ਦਿੱਤੀਆਂ, ਜਿਸ ਤੋਂ ਦਾਰਾ ਸ਼ਿਕੋਹ ਤੰਦਰੁਸਤ ਹੋ ਗਿਆ। 1707 ਬਿ: ਵਿੱਚ ਦਾਰਾ ਸ਼ਿਕੋਹ ਲਾਹੌਰ ਨੂੰ ਜਾਂਦਾ ਹੋਇਆ ਗੁਰੂ ਜੀ ਦਾ ਧੰਨਵਾਦ ਕਰਨ ਲਈ ਕੀਰਤਪੁਰ ਸਾਹਿਬ ਵਿਖੇ ਆਇਆ। ਮੁਗਲ ਬਾਦਸ਼ਾਹ ਨਾਲ ਭਾਵੇਂ ਗੁਰੂ-ਘਰ ਦੇ ਸੰਬੰਧ ਬਾਬਰ ਦੇ ਸਮੇਂ ਤੋਂ ਹੀ ਟਕਰਾਉ ਵਾਲੇ ਹੋ ਚੁੱਕੇ ਸਨ ਅਤੇ ਸ਼ਾਹ ਜਹਾਨ ਦੇ ਪਿਤਾ ਬਾਦਸ਼ਾਹ ਜਹਾਂਗੀਰ ਨੇ, ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਸੀ ਅਤੇ ਚੰਦੂ ਖੱਤਰੀ, ਸ਼ੇਖ ਅਹਿਮਦ ਸਰਹੰਦੀ ਆਦਿਕ ਵਿਆਕਤੀਆਂ ਦੀ ਚੁੱਕਣਾ ਵਿੱਚ ਆ ਕੇ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਅਤੇ ਅਕਹਿ ਤਸੀਹੇ ਦੇ ਕੇ ਚੰਦੂ ਦੇ ਹਵਾਲੇ ਕਰਕੇ ਸ਼ਹੀਦ ਕਰਵਾਇਆ ਸੀ। ਪਰੰਤੂ ਗੁਰੂ-ਘਰ ਦਾ ਬਿਰਦ ਹੈ ! ..."ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥" ਗੁਰੂ ਅਕਾਲ ਰੂਪ ਹੈ ਜੋ ਸਦ ਪਰਉਪਕਾਰੀ ਹੈ। ਇਸੇ ਸਿਧਾਂਤ ਨੂੰ ਮੁੱਖ ਰੱਖਦਿਆਂ ਗੁਰੂ ਜੀ ਨੇ ਉਨ੍ਹਾਂ ਦੀ ਲੋੜ ਵੀ ਪੂਰੀ ਕੀਤੀ। ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਤੋਂ ਚਾਲੂ ਪਰੰਪਰਾਵਾਂ ਅਨੁਸਾਰ ਗੁਰੂ-ਘਰ ਵਿੱਚ ਆਤਮਿਕ ਉਪਦੇਸ਼ ਦੇ ਨਾਲ-ਨਾਲ ਸ਼ਰਧਾਲੂਆਂ ਦੇ ਸਰੀਰਕ ਰੋਗਾਂ ਦੇ ਇਲਾਜ ਦਾ ਪ੍ਰਬੰਧ ਵੀ ਕੀਤਾ ਜਾਂਦਾ ਸੀ। ਨੌਜੁਆਨਾਂ ਨੂੰ ਸਿਹਤਯਾਬ, ਰਿਸ਼ਟਪੁਸ਼ਟ ਰੱਖਣ ਲਈ ਗੁਰੂ ਜੀ ਨੇ ਮੱਲ ਅਖਾੜਿਆਂ ਦੀ ਸਰਪ੍ਰਸਤੀ ਵੀ ਕੀਤੀ। ਕੁਠਾੜ ਵਾਲਾ ਰਾਣਾ ਗੁਰੂ ਜੀ ਦਾ ਜੱਸ ਸੁਣ ਕੇ ਗੁਰੂ ਹਰਿਰਾਇ ਸਾਹਿਬ ਜੀ ਦੀ ਸ਼ਰਣ ਵਿੱਚ ਆਇਆ। ਉਹ ਝੋਲੇ ਦਾ ਮਰੀਜ਼ ਸੀ। ਉਹ ਪਾਲਕੀ ਵਿੱਚ ਬੈਠ ਕੇ ਆਇਆ ਸੀ। ਗੁਰੂ ਜੀ ਦੀ ਕਿਰਪਾ ਨਾਲ ਠੀਕ ਹੋ ਗਿਆ ਅਤੇ ਘੋੜੇ ਉੱਤੇ ਸਵਾਰ ਹੋ ਕੇ ਘਰ ਗਿਆ। ਗੁਰੂ ਜੀ ਮਾਲਵੇ ਦੇ ਲੋਕਾਂ ਨੂੰ ਉਪਦੇਸ਼ ਕਰਨ ਆਏ ਤਾਂ ਭਾਈ ਰੂਪਾ, ਕਾਂਗੜ ਆਦਿ ਪਿੰਡਾਂ ਨੂੰ ਹੁੰਦੇ ਹੋਏ ਮਹਿਰਾਜ ਪਿੰਡ ਪਹੁੰਚੇ । ਇੱਥੇ ਭਾਈ ਮੋਹਨ ਦੇ ਪੁੱਤਰ ਚੌਧਰੀ ਕਾਲੇ ਨੇ ਤਨ-ਮਨ-ਧਨ ਨਾਲ ਗੁਰੂ ਜੀ ਦੀ ਟਹਿਲ ਕੀਤੀ। ਇੱਕ ਦਿਨ ਚੌਧਰੀ ਕਾਲਾ ਆਪਣੇ ਭਤੀਜੇ ਫੂਲ ਅਤੇ ਸੰਦਲੀ ਨੂੰ ਵੀ ਨਾਲ ਲੈ ਕੇ ਆਇਆ। ਉਹ ਦੋਵੇਂ ਬਾਲਕ ਭੁੱਖੇ ਹੋਣ ਕਾਰਨ ਗੁਰੂ ਜੀ ਦੇ ਸਾਹਮਣੇ ਪੇਟ ਉੱਤੇ ਹੱਥ ਮਾਰਨ ਲੱਗੇ। ਗੁਰੂ ਜੀ ਨੇ ਹੱਸ ਕੇ ਕਿਹਾ, ਚੌਧਰੀਆ ਇਹ “ਬਾਲਕ ਕੀ ਮੰਗਦੇ ਹਨ?” ਤਾਂ ਚੌਧਰੀ ਕਾਲੇ ਨੇ ਕਿਹਾ ਪਾਤਸ਼ਾਹ ਇਹ ਪੇਟੋ ਭੁੱਖੇ, ਰੋਟੀ ਮੰਗਦੇ ਹਨ। ਗੁਰੂ ਜੀ ਨੇ ਬਚਨ ਕੀਤਾ ਇੰਨ੍ਹਾਂ ਦੀ ਸੰਤਾਨ ਰਾਜ ਕਰੇਗੀ ਅਤੇ ਕਈ ਥਾਂ ਇਨ੍ਹਾਂ ਦੇ ਲੰਗਰ ਚੱਲਣਗੇ !” ਭਾਈ ਫੂਲ ਦੇ ਦੋ ਪੁੱਤਰ ਭਾਈ ਤਰਲੋਕਾ ਅਤੇ ਭਾਈ ਰਾਮਾ ਦੀ ਸੰਤਾਨ ਨੇ ਨਾਭਾ, ਪਟਿਆਲਾ ਅਤੇ ਜੀਂਦ ਰਿਆਸਤਾਂ ਕਾਇਮ ਕੀਤੀਆਂ। ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਇਨ੍ਹਾਂ ਹੀ ਫੂਲਕੀਏ ਵਿੱਚੋਂ ਸਰਦਾਰ ਗੱਜਪੱਤ ਸਿੰਘ ਜੀਂਦ ਵਾਲੇ ਦਾ ਦੋਹਤਰਾ ਸੀ। ਇਸ ਤਰ੍ਹਾਂ ਗੁਰੂ ਸਾਹਿਬ ਦਾ ਬਖਸ਼ਸ਼ ਸੱਚ ਹੋਈ । ਇਨ੍ਹਾਂ ਸਰਦਾਰਾਂ ਨਾਲ ਪੰਜਾਬ ਦੀ ਕਿਸਮਤ ਚਮਕ ਉੱਠੀ ਸੀ। ਭਾਈ ਭਗਤੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਸੰਦ ਸੀ ਜੋ ਸਿੱਧੂ ਬਰਾੜਾਂ ਦਾ ਮੁਖੀਆ ਸੀ। ਭਾਈ ਭਗਤੂ ਦਾ ਪੁੱਤਰ ਭਾਈ ਗੋਰਾ ਸੀ। ਗੁਰੂ ਹਰਿਰਾਇ ਸਾਹਿਬ ਜਦੋਂ ਮਾਲਵੇ ਦੇਸ ਵਿੱਚ ਗਏ ਤਾਂ ਭਾਈ ਗੋਰੇ ਨੇ ਅਨੇਕ ਪਿੰਡਾਂ ਵਿੱਚ ਉਨ੍ਹਾਂ ਦੀ ਸੇਵਾ ਕਰਵਾਈ। ਭੁੱਖੜੀ ਪਿੰਡ ਵਿੱਚ ਗੁਰੂ ਜੀ ਦੇ ਚੌਰ-ਬਰਦਾਰ ਭਾਈ ਜੱਸੇ ਨਾਲ ਕਿਸੇ ਗੱਲਬਾਤ ਤੋਂ ਉਨ੍ਹਾਂ ਦੀ ਗੜਬੜ ਹੋ ਗਈ। ਭਾਈ ਗੋਰੇ ਨੇ ਆਪਣੇ ਆਦਮੀਆਂ ਤੋਂ ਭਾਈ ਜੱਸੇ ਦੀ ਹੱਤਿਆ ਕਰਵਾ ਦਿੱਤੀ। ਗੁਰੂ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਹੁਕਮ ਦਿੱਤਾ ਕਿ ਗੋਰਾ ਉਨ੍ਹਾਂ ਸਾਹਮਣੇ ਨਾ ਆਏ। ਭਾਈ ਗੋਰਾ ਗੁਰੂ ਸਾਹਿਬ ਦੀ ਵਹੀਰ ਤੋਂ ਕੁਝ ਦੂਰ ਉਨ੍ਹਾਂ ਨਾਲ ਰਹਿਣ ਲੱਗਾ। ਉਸ ਦੇ ਮਨ ਵਿੱਚ ਬਹੁਤ ਪਛਤਾਵਾ ਸੀ। ਉਹ ਗੁਰੂ ਜੀ ਤੋਂ ਭੁੱਲ ਬਖਸ਼ਾਉਣਾ ਚਹੁੰਦਾ ਸੀ। ਇੱਕ ਦਿਨ ਗੁਰੂ ਜੀ ਕੀਰਤਪੁਰ ਸਾਹਿਬ ਤੋਂ ਕਰਤਾਰਪੁਰ ਵਿਖੇ ਜਾ ਰਹੇ ਸਨ ਤਾਂ ਗੁਰੂ ਜੀ ਦੇ ਡੋਲੇ ਅਤੇ ਹੋਰ ਸਾਜ-ਸਾਮਾਨ ਪਿੱਛੇ ਰਹਿ ਗਿਆ ਸੀ। ਮੁਹੰਮਦ ਯਾਰ ਖਾਂ, ਜੋ ਕਿ ਇੱਕ ਹਜ਼ਾਰ ਸਵਾਰ ਲੈ ਕੇ ਦਿੱਲੀ ਨੂੰ ਜਾ ਰਿਹਾ ਸੀ, ਨੇ ਜਦੋਂ ਇਹ ਸੁਣਿਆ ਕਿ ਇਹ ਡੋਲੇ ਦਾ ਸਾਮਾਨ ਗੁਰੂ ਹਰਿਰਾਇ ਜੀ ਦਾ ਹੈ ਤਾਂ ਉਸ ਦੇ ਮਨ ਵਿੱਚ ਆਪਣੇ ਪਿਤਾ ਮੁਖਲਸ ਖਾਂ ਦਾ ਵੈਰ ਲੈਣ ਦੀ ਭਾਵਨਾ ਜਾਗ ਪਈ। ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਦੇ ਡੋਲੇ ਅਤੇ ਸਾਜ-ਸਾਮਾਨ ਸਭ ਲੁੱਟ ਲਵੋ। ਭਾਈ ਗੋਰਾ ਜੀ ਜੋ ਕਿ ਗੁਰੂ ਜੀ ਦੀਆਂ ਨਜ਼ਰਾਂ ਤੋਂ ਦੂਰ ਪਿੱਛੇ ਰਹਿੰਦਾ ਸੀ, ਉਹ ਆਪਣੇ ਜਵਾਨ ਲੈ ਕੇ ਮੌਕੇ ’ਤੇ ਪਹੁੰਚ ਗਿਆ। ਦੋਵਾਂ ਪਾਸਿਉਂ ਖੂਬ ਤੇਗ ਚੱਲੀ। ਸਿੱਖਾਂ ਨੇ ਮਾਰ-ਮਾਰ ਕੇ ਤੁਰਕਾਂ ਦੇ ਮੂੰਹ ਮੋੜ ਦਿੱਤੇ। ਭਾਈ ਗੋਰੇ ਨੇ ਤੁਰਕਾਂ ਨੂੰ ਰੋਕੀ ਰੱਖਿਆ। ਵਹੀਰ ਸਹੀ-ਸਲਾਮਤ ਅੱਗੇ ਲੰਘ ਗਿਆ। ਇਸ ਤਰ੍ਹਾਂ ਭਾਈ ਗੋਰੇ ਨੇ ਗੁਰੂ-ਘਰ ਦੀਆਂ ਮਾਈਆਂ ਨੂੰ ਬੇਇੱਜ਼ਤ ਹੋਣ ਤੋਂ ਬਚਾਇਆ। ਇਸ ਦੀ ਖਬਰ ਜਦੋਂ ਵਹੀਰ ਨੇ ਗੁਰੂ ਜੀ ਨੂੰ ਜਾ ਕੇ ਦਿੱਤੀ ਤਾਂ ਗੁਰੂ ਸਾਹਿਬ ਨੇ ਭਾਈ ਗੋਰੇ ਨੂੰ ਸੰਗਤ ਵਿੱਚ ਲਿਆਉਣ ਲਈ ਅਸਵਾਰ ਭੇਜੇ। ਜਦੋਂ ਭਾਈ ਗੋਰਾ ਗੁਰੂ ਜੀ ਦੇ ਸਾਹਮਣੇ ਗਿਆ ਤਾਂ ਉਨ੍ਹਾਂ ਪ੍ਰਸੰਨ ਹੋ ਕੇ ਭਾਈ ਗੋਰੇ ਦੇ ਸਭ ਗੁਨਾਹ ਬਖਸ਼ ਦਿੱਤੇ।

7 ਜੁਲਾਈ ਸੰਨ 1661 ਈ: ਵਿੱਚ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰੂ ਨਾਨਕ ਦੀ ਗੱਦੀ 'ਤੇ ਬਿਠਾ ਕੇ ਪਰਕਰਮਾਂ ਕਰਕੇ ਮੱਥਾ ਟੇਕਿਆ। ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਪਾਸੋਂ ਗੁਰਿਆਈ ਦੀ ਮਰਿਯਾਦਾ ਨਿਭਵਾਹ ਕੇ ਆਪ ਜੀ ਜੋਤੀ ਜੋਤ ਸਮਾ ਗਏ।




ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ ਭੋਰੇ ਵਿਚਭਗਤੀ ਕੀਤੀ ਸੀ ?
ਕੀ ਮੱਖਣ ਸ਼ਾਹ ਲੁਬਾਣੇ ਵਾਲੀ ਕਹਾਣੀ ਇਕਜੁਮਲਾ ਹੀ ਸੀ ?ਗੁਰੂ ਲਾਧੋ ਰੇ ! 
ਸੱਚ ਕੀ ਹੈ…?
ਇਸ ਲੇਖ ਨੂੰ ਅਖ਼ੀਰ ਤੱਕ ਪੂਰਾ ਪੜੋ ਤੇ ਖੁਦ ਫੈਸਲਾ ਕਰੋ..





Bhoot Pret & Baba Vadbhag Singh Da Sach 


॥ਵੀਰਰਸ ਅਤੇ ਸਿੱਖ॥

No comments: