Friday, May 8, 2015

"ਗੁਰਬਾਣੀ ਟੀਕਾਕਾਰੀ ਮਾਰਗ ਖੇਤਰ 'ਚ....ਯੋਗਦਾਨ=੪"


ਡਾਕਟਰ ਭਾਈ ਵੀਰ ਸਿੰਘ ਜੀ।
ਅੱਜ ਦੀ ਕਿਸ਼ਤ ਵਿੱਚ ਅਸੀਂ ਭਾਈ ਵੀਰ ਸਿੰਘ ਜੀ ਦੁਆਰਾ ਗੁਰਬਾਣੀ ਵਿਆਕਰਣ ਦੀ ਲਿਖੀ ਮਹੱਤਤਾ ਨੂੰ ਵੀਚਾਰਣ ਦਾ ਯਤਣ ਕਰਾਂਗੇ।ਭਾਈ ਸਾਹਿਬ ਜੀ ਨੂੰ ਪੰਜਾਬੀ ਸਾਹਿਤ ਵਿੱਚ ਪਦਮ ਭੁਸ਼ਨ ਕਰਕੇ ਜਾਣਿਆ ਜਾਂਦਾ ਹੈ।ਭਾਈ ਵੀਰ ਸਿੰਘ ਦਾ ਜਨਮ ੫ ਦਸੰਬਰ,੧੮੭੨ਈ. ਕਟੜਾ ਗਰਭਾ ਵਿਖੇ ਹੋਇਆ।ਭਾਈ ਸਾਹਿਬ ਦੁਆਰਾ ਲਿਖਿਆ ਇਤਿਹਾਸ,ਕਾਵਿ ਕਲਾ ਵਿਚ ਪਰੋਈਆਂ ਹਿਰਦਾ-ਉਭਾਰੂ ਕਵਿਤਾਵਾਂ ਬਾਰੇ ਸਾਰਾ ਸਿੱਖ-ਜਗਤ ਜਾਣੂ ਹੈ,ਇਥੇ ਕੇਵਲ ਅਸੀਂ ਗੁਰਬਾਣੀ ਵਿਆਕਰਣ ਸੰਬੰਧੀ ਉਹਨਾਂ ਕੀ ਲਿਖਿਆ ? ਉਸ ਸੰਬੰਧੀ ਸਮੱਝਣ ਦਾ ਯਤਣ ਕਰਣਾ ਹੈ।ਭਾਈ ਸਾਹਿਬ ਜੀ ਨੇ 'ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਨਾਮ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਟੀਕਾ ਕਰਨਾ ਅਰੰਭਿਆ। ਲੜੀਵਾਰ ਟੀਕੇ ਦੀ ਵਿਆਖਿਆ ਕੇਵਲ ਉਹ ੬੦੮ ਪੰਨੇ ਤੱਕ ਹੀ ਕਰ ਸਕੇ,ਨਾਲ-ਨਾਲ ਕੁੱਝ ਵਿਕਲੋਤਰੀਆਂ ਬਾਣੀਆਂ ਦਾ ਟੀਕਾ ਭੀ ਉਹ ਕਰ ਗਏ।੬੦੮ ਪੰਨੇ ਤੱਕ ਟੀਕਾ ਉਹਨਾਂ ਨੇ ਲਿਖ ਕੇ ਪ੍ਰਕਾਸ਼ਿਤ ਆਪ ਕਰਵਾ ਦਿੱਤਾ ਸੀ, ਵਿਕਲੋਤਰੀਆਂ ਬਾਣੀਆਂ ਦਾ ਟੀਕਾ ਉਹਨਾ ਦੇ ਚੜ੍ਹਾਈ ਕਰ ਜਾਣ ਪਿੱਛੋਂ 'ਟੀਕਾ ਅਨੇਕ ਬਾਣੀਆਂ' ਨਾਮ ਹੇਠ ਪ੍ਰਕਾਸ਼ਿਤ ਕੀਤਾ ਗਿਆ।੬੦੮ ਪੰਨੇ ਤੱਕ ਹੋਏ ਟੀਕੇ ਵਿੱਚ ਗੁਰਬਾਣੀ ਦੇ ਅਰਥ,ਉਹਨਾਂ ਗੁਰਬਾਣੀ ਵਿਆਕਰਣ ਦੇ ਅਧਾਰ 'ਤੇ ਨਹੀਂ ਕੀਤੇ।ਪਰ ਕਿਤੇ-ਕਿਤੇ ਉਹਨਾਂ ਅਰਥ ਕਰਦਿਆਂ ਗੁਰਬਾਣੀ-ਵਿਆਕਰਣ,ਭਾਸ਼ਾਈ ਗਿਆਨ ਦੀ ਟੇਕ ਜ਼ਰੂਰ ਲਈ ਹੈ,ਨਾਲ-ਨਾਲ ਵਿਆਕਰਣਿਕ ਨਿਯਮ ਭੀ ਦਿੱਤੇ।ਜਿਵੇਂ ਵੰਣਗੀ ਮਾਤ੍ਰ ਉਹਨਾਂ ਦੇ ਟੀਕੇ 'ਚੋਂ ਗੁਰਬਾਣੀ ਵਿਆਕਰਣ ਸੰਬੰਧੀ ਜਾਣਕਾਰੀ ਮਿਲਦੀ ਹੈ :
" ਇਸ ਤੁੱਕ ਵਿੱਚ ਪਹਿਲਾ ਪਦ ਹੈ 'ਸਚੇ', ਜੋ ਕਰਣ ਕਾਰਕ ਹੈ=ਸਚ ਦੁਆਰਾ।ਦੂਸਰਾ ਪਦ ਹੈ 'ਸਚਿ'ਇਹ ਕਰਤਾ ਕਾਰਕ ਹੈ।ਤੀਸਰਾ ਪਦ ਹੈ 'ਨਿਬੜੈ'ਇਹ ਕਰਮ ਕਰਤ੍ਰੀ ਪ੍ਰਕ੍ਰਿਆ ਹੈ।ਉਥੇ ਸਚ ਦੁਆਰਾ ਹੀ ਸਚ (ਆਪਣੇ ਆਪ) ਨਿਬੜਦਾ ਹੈ।ਭਾਵ ਸਚ=ਇਹ ਸਚ ਮਾਨੋ ਓਥੇ ਇਕ ਨਾਪ ਹੈ ਜਿਸ ਦੁਆਰਾ ਸਚਿ=ਜਗਤ ਵਿਚ ਕਮਾਇਆ ਹੋਇਆ ਸੱਚ ਨਬੜੈ=ਆਪਣੇ ਆਪ ਦਾ ਨਿਬੇੜਾ ਕਰਦਾ ਹੈ।ਕਰਮ ਕਰਤ੍ਰੀ ਪ੍ਰਕ੍ਰਿਆ ਵਰਤ ਕੇ ਗੁਰੂ ਨਾਨਕ ਦੇਵ ਜੀ ਨੇ ਇਸ ਵਾਕ ਵਿੱਚ ਇਕ ਉਚਾ ਦਾਰਸ਼ਨਿਕ ਕਟਾਖਯ ਰੱਖਿਆ ਹੈ।" (ਆਸਾ ਕੀ ਵਾਰ ਪਉੜੀ ਨੰ:੨)
ਇਸ ਤੋਂ ਅਲਾਵਾ ਭਾਈ ਸਾਹਿਬ ਨੇ ਆਪਣੇ ਲਿਖੇ 'ਗੁਰੂ ਗ੍ਰੰਥ ਸਾਹਿਬ ਕੋਸ਼' ਵਿਚ ਸਬਦ ਦਾ ਭਾਸ਼ਾਈ ਪਛੋਕੜ,ਕਿਸੇ ਭੀ ਸ਼ਬਦ ਦੀ ਮੂਲ-ਧਾਤੂ ਅਤੇ ਵਿਆਕਰਣਿਕ ਬਣਤਰ ਬਾਰੇ ਖੋਲ ਕੇ ਲਿਖਿਆ ਹੈ।ਭਾਈ ਸਾਹਿਬ ਵੀਰ ਸਿੰਘ ਜੀ ਨੇ ਗੁਰਬਾਣੀ ਵਿਆਕਰਣ ਦੀ ਜ਼ਰੂਰਤ ਨੂੰ ਆਪਣੇ ਟੀਕੇ ਵਿੱਚ ਉਜਾਗਰ ਕੀਤਾ ਹੈ,ਇਸ ਸ਼ਲਾਘਾ-ਯੋਗ ਕਾਰਜ ਲਈ ਉਹਨਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ।
ਭੁੱਲ-ਚੁਕ ਮੁਆਫ
ਹਰਜਿੰਦਰ ਸਿੰਘ 'ਘੜਸਾਣਾ'